ਸੁਲਤਾਨਪੁਰ ਲੋਧੀ ,5 ਅਪ੍ਰੈਲ( ਲਾਡੀ, ਦੀਪ ਚੋਧਰੀ,ਉਪੀ ਚੋਧਰੀ ) ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇੱਕ ਮੁਹੱਲਾ ਪੰਡੋਰੀ ਵਿਖੇ ਠੋਸ ਹੁੰਦੀ ਨਜ਼ਰ ਆ ਰਹੀ ਹੈ । ਜਿੱਥੇ ਸ਼ਾਇਦ ਹੀ ਕੋਈ ਘਰ ਅਜਿਹਾ ਬਚਿਆ ਹੋਵੇ ਜਿੱਥੇ ਨਸ਼ਿਆਂ ਦੇ ਕਾਰਨ ਮੌਤ ਦੇ ਸੱਥਰ ਨਾ ਵਿਛੇ ਹੋਣ। ਪਾਵਨ ਨਗਰੀ ਦੇ ਮੁੱਖ ਥਾਣਾ ਦੇ ਨਾਲ ਲੱਗਦੇ ਮਹੱਲੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਤੇ ਸਾਡੀ ਪੁਲਿਸ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ। ਪਤੱਰਕਾਰਾਂ ਵੱਲੋਂ ਜਦੋਂ ਉਸ ਮੁਹੱਲੇ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਔਰਤਾਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਾਨ ਤੋਂ ਪੁੱਛ ਰਹੀਆਂ ਹਨ ਕਿ ਕਿੱਥੇ ਨਸ਼ਾ ਖਤਮ ਹੋ ਗਿਆ। ਸਾਡੇ ਤਾਂ ਪਰਿਵਾਰ ਸਾਰੇ ਉਜੜ ਗਏ ਕਿਸੇ ਘਰ ਵਿੱਚ 4 ਪੁੱਤ ਕਿਸੇ ਦੇ 2 ਤੇ ਕਿਸੇ ਵਿੱਚ ਇਕਲੋਤਾ ਪੁੱਤ ਨਸ਼ਿਆਂ ਦੀ ਭੇਟ ਚੜ ਕੇ ਆਪਣੀ ਜੀਵਨ ਲੀਲਾ ਖਤਮ ਕਰ ਚੁੱਕਾ ਹੈ ਪ੍ਰੰਤੂ ਸਾਡੀ ਸਰਕਾਰ ਹਾਲੇ ਵੀ ਸੱਚਾਈ ਤੋਂ ਕੋਹਾਂ ਦੂਰ ਹੈ। ਨਸ਼ਿਆਂ ਵਿੱਚ ਆਪਣੇ ਜਿਗਰ ਦੇ ਟੁਕੜੇ ਪੁੱਤਾਂ ਨੂੰ ਗਵਾ ਚੁੱਕੀਆਂ ਮਾਵਾਂ ਦੇ ਵਿਰਲਾਪ ਦਿਲ ਨੂੰ ਚੀਰਦੇ ਹਨ ਜਦੋਂ ਉਹ ਕਹਿੰਦੀਆਂ ਹਨ ਕਿ ਮੇਰੇ ਪੁੱਤ ਨੂੰ ਨਸ਼ਿਆਂ ਨੇ ਖਾ ਲਿਆ ਹੁਣ ਮੈਂ ਕਿਸ ਦੇ ਆਸਰੇ ਆਪਣਾ ਬੁਢਾਪਾ ਕੱਢਾਂਗੀ। ਕਿਥੇ ਮੈਨੂੰ ਇਹਨਾਂ ਪੁੱਤਾਂ ਨੇ ਮੋਢੇ ਚੁੱਕ ਕੇ ਸਿਵਿਆਂ ਵਿੱਚ ਛੱਡ ਕੇ ਆਉਣਾ ਸੀ ਤੇ ਕਿੱਥੇ ਅੱਜ ਮੈਂ ਇਹਨਾਂ ਨੂੰ ਸ਼ਮਸ਼ਾਨ ਘਾਟ ਪਹੁੰਚਾ ਕੇ ਆਈ ਹਾਂ। ਨਸ਼ਿਆਂ ਨੂੰ ਖਤਮ ਕਰਨ ਦੇ ਸਾਰੇ ਦਾਅਵਿਆਂ ਨੂੰ ਝੂਠ ਦੱਸਦਿਆਂ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਨਸ਼ਾ ਸ਼ਰੇਆਮ ਸਿਆਸੀ ਲੋਕਾਂ ਦੀ ਪੁਸ਼ਤ ਪਨਾਹ ਤੇ ਪੁਲਿਸ ਦੀ ਅੱਖਾਂ ਸਾਹਮਣੇ ਵਿਕ ਰਿਹਾ ਹੈ। ਪੁਲਿਸ ਬਸ ਖਾਨਾ ਪੂਰਤੀ ਲਈ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੂੰ ਚੁੱਕ ਕੇ ਲੈ ਜਾਂਦੀ ਹੈ ਜਦਕਿ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਸ਼ਰੇਆਮ ਨਸ਼ਾ ਵੇਚ ਰਹੇ ਹਨ ਕੀ ਇਹ ਪੁਲਿਸ ਨੂੰ ਨਹੀਂ ਪਤਾ ਲੱਗਦਾ। ਉਹਨਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਤੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਵਿਰੁੱਧ ਸਖਤੀ ਕੀਤੀ ਜਾਵੇ।
ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀਆਂ ਉਡੀਆਂ ਧੱਜੀਆਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਨਸ਼ਿਆਂ ਕਾਰਨ ਕੀਤਾ ਲੋਕਾਂ ਸਰਕਾਰ ਦਾ ਪਿੱਟ ਸਿਆਪਾ
byB11 NEWS
-
0