ਹੜ੍ਹ ਪ੍ਰਭਾਵਿਤ ਪਿੰਡਾਂ ਚੋਂ ਦੂਜਾ 'ਹਰਾ ਨਗਰ ਕੀਰਤਨ' ਸੁਲਤਾਨਪੁਰ ਲੋਧੀ ਪਹੁੰਚਿਆ

ਸੁਲਤਾਨਪੁਰ ਲੋਧੀ, 30 ਅਕਤੂਬਰ ,(ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ)
ਸ੍ਰੀ ਗੁਰੂ ਨਾਨਕ ਦੇਵ ਜੀ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ‘ਹਰਾ ਨਗਰ ਕੀਰਤਨ’ ਆਹਲੀ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋ ਇਹ ਦੂਜਾ ਨਗਰ ਕੀਰਤਨ ਹੈ ਜਿਸ ਰਾਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਭ ਤੋਂ ਵੱਧ ਧਿਆਨ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਤੇ ਦੇ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਮੰਡ ਇਲਾਕੇ ਦੇ 11 ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਕੰਢੇ ਦੇਰ ਸ਼ਾਮ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਪਹੁੰਚ ਕੇ ਸੰਪਨ ਹੋਇਆ। ਮੈਨੇਜਰ ਅਵਤਾਰ ਸਿੰਘ, ਹੈੱਡ ਗੰ੍ਰਥੀ ਹਰਜਿੰਦਰ ਸਿੰਘ ਵੱਲੋਂ ਸੇਵਾਦਾਰਾਂ ਸਮੇਤ ਨਗਰ ਕੀਰਤਨ ਦੇ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਵੱਲੋਂ ਪੰਜਾਂ ਪਿਆਰਿਆਂ ਤੇ ਸੰਤ ਸੀਚੇਵਾਲ ਜੀ ਸਿਰਪਾਓ ਨਾਲ ਸਨਮਾਨ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਮੰਡ ਇਲਾਕੇ ਦੇ ਲੋਕ ਬਹੁਤ ਹੀ ਹਿੰਮਤ ਤੇ ਸਬਰ-ਸੰਤੋਖ ਵਾਲੇ ਹਨ, ਦੋ ਮਹੀਨਿਆਂ ਤੱਕ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਵੀ ਹਿੰਮਤ ਤੇ ਦਲੇਰੀ ਨਾਲ ਇਸ ਤਰਾਸਦੀ ਚੋਂ ਉਭਰ ਰਹੇ ਹਨ। ਕਈ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਕਣਕ ਬੀਜ਼ ਲਈ ਹੈ। ਉਹਨਾਂ ਕਿਹਾ ਕਿ ਦੋ ਮਹੀਨੇ ਇਹ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਸੀ ਇਹਨਾਂ ਪਿੰਡਾਂ ਦੀ ਫਸਲ ਵੀ ਤਬਾਹ ਹੋ ਚੁੱਕੀ ਸੀ। ਪੰਜਾਬੀਆਂ ਦੇ ਏਕੇ ਨੇ ਇਸ ਇਲਾਕੇ ਦੇ ਕਿਸਾਨਾਂ ਤੇ ਲੋਕਾਂ ਨੂੰ ਦੇ ਜੀਵਨ ਨੂੰ ਕੁੁੱਝ ਮਹੀਨਿਆਂ ਵਿੱਚ ਹੀ ਮੁੜ ਤੋਂ ਲੀਹਾਂ ਤੇ ਲਿਆ ਦਿੱਤਾ ਹੈ। ਜਿਸ ਕਾਰਨ ਇਸ ਇਲਾਕੇ ਦੇ ਲੋਕ ਮੁੜ ਤੋਂ ਆਪਣੀ ਫਸਲ ਲਗਾ ਰਹੇ ਹਨ, ਪਰ ਹਲੇ ਵੀ ਇਸ ਇਲਾਕੇ ਦੇ ਕਿਸਾਨਾਂ ਨੂੰ ਸਹਿਯੋਗ ਦੀ ਬਹੁਤ ਲੋੜ ਹੈ ਜਿਹਨਾਂ ਦੇ ਖੇਤ ਗਾਰ ਨਾਲ ਭਰੇ ਹੋਏ ਹਨ।
ਸੰਤ ਸੀਚੇਵਾਲ ਵੱਲੋਂ ਦੂਜੇ ਹਰੇ ਨਗਰ ਕੀਰਤਨ ਦੌਰਾਨ 5600 ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ। ਉਹਨਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਜੀਵਨਸ਼ੈਲੀ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਕੁਦਰਤ ਨਾਲ ਪਿਆਰ ਕਰਦੇ ਸਨ ਤੇ ਸਾਦੀ ਜੀਵਨ ਬਤੀਤ ਕਰਕੇ ਉਹਨਾਂ ਨੇ ਕੁੱਲ ਲੋਕਾਈ ਨੂੰ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਇਸ ਨਗਰ ਕੀਰਤਨ ਨੇ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਤੋਂ 15 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ।
Previous Post Next Post