ਅੱਜ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਅਜਿਹੀਆਂ ਕਾਰਜਸ਼ਾਲਾਵਾਂ ਬੇਹਦ ਜਰੂਰੀ ਹਨ

ਫਤਿਹਗੜ੍ਹ ਸਾਹਿਬ, 16ਅਕਤੂਬਰ, (ਲਾਡੀ,ਦੀਪ ਚੋਧਰੀ)ਕਾਰਜਸ਼ਾਲਾ ਸਫਲਤਾਪੂਰਵਕ ਚੌਥੇ ਦਿਨ ਵਿਚ ਸ਼ਾਮਲ
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੀ ਕੌਮੀ ਕਾਰਜਸ਼ਾਲਾ ਦੇ ਚੌਥੇ ਦਿਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਆਖਿਆ ਕਿ ਅੱਜ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਅਜਿਹੀਆਂ ਕਾਰਜਸ਼ਾਲਾਵਾਂ ਬੇਹਦ ਜਰੂਰੀ ਹਨ ਜਿੱਥੇ ਗੁਰਬਾਣੀ ਦੀ ਵਿਆਖਿਆ, ਗੁਰ ਇਤਿਹਾਸ ਦੀ ਇਤਿਹਾਸਕਾਰੀ ਅਤੇ ਪੇਸ਼ਕਾਰੀ ਦੇ ਸਰੂਪ, ਬਣਤਰ ਅਤੇ ਮਹੱਤਵ ਉੱਪਰ ਡੂੰਘੀ ਵਿਚਾਰ ਚਰਚਾ ਕੀਤੀ ਜਾਵੇ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਆਖਿਆ ਕਿ ਖਾਲਸਾ ਪੰਥ ਨੂੰ ਵਰਲਡ ਯੂਨੀਵਰਸਿਟੀ ਤੋਂ ਵੱਡੀਆਂ ਉਮੀਦਾਂ ਹਨ। ਇਸ ਮੌਕੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਸਿੱਖ ਪੰਥ ਅਤੇ ਅਕਾਦਮਿਕ ਜਗਤ ਦੀਆਂ ਨਾਮਵਰ ਵਿਦਵਾਨ ਸ਼ਖਸੀਅਤਾਂ ਨੇ ਇਸ ਕਾਰਸ਼ਾਲਾ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਪਹੁੰਚੇ ਹੋਏ ਡੈਲੀਗੇਟਸ ਨਾਲ ਵਿਚਾਰ ਵਟਾਂਦਰੇ ਕੀਤੇ ਹਨ। ਉਹਨਾਂ ਆਖਿਆ ਕਿ ਅਕਾਦਮਿਕ ਸਿਲੇਬਸ ਤੋਂ ਇਲਾਵਾ ਪ੍ਰਾਈਵੇਟ ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾ ਰਹੀਆਂ ਕਿਤਾਬਾਂ ਪ੍ਰਿੰਟ ਅਤੇ ਟੈਲੀਵਿਜ਼ਨ ਮੀਡੀਆ ਅਤੇ ਆਨਲਾਈਨ ਮਾਧਿਮ ਰਾਹੀਂ ਗੁਰਬਾਣੀ ਅਤੇ ਗੁਰ ਇਤਿਹਾਸ ਵਿਚ ਪਾਏ ਜਾ ਰਹੇ ਰਲੇਵੇਂ ਨੂੰ ਰੋਕਣ ਲਈ ਆਪਣੇ ਨੌਜਵਾਨ ਖੋਜੀਆਂ ਅਤੇ ਅਧਿਆਪਕਾਂ ਨੂੰ ਤਿਆਰ ਕਰਨਾ ਇਸ ਕਾਰਜਸ਼ਾਲਾ ਦਾ ਮੁੱਖ ਮਨੋਰਥ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਵਰ੍ਹੇ ਯੂਨੀਵਰਸਿਟੀ ਵੱਲੋਂ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਸਬੰਧ ਵਿੱਚ ਉਲੀਕੇ ਗਏ ਸਮਾਗਮਾਂ ਦਾ ਵੇਰਵਾ ਦਿੰਦਿਆਂ ਆਸ ਪ੍ਰਗਟਾਈ ਕੇ ਅਜਿਹੇ ਉਪਰਾਲੇ ਨੌਜਵਾਨ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਵਡਮੁੱਲੀ ਸੇਧ ਪ੍ਰਦਾਨ ਕਰਨਗੇ। 
Previous Post Next Post