ਡਿਪਟੀ ਕਮਿਸ਼ਨਰ ਵੱਲੋਂ ਭੁਲੱਥ ਦਾਣਾ ਮੰਡੀ ਦਾ ਦੌਰਾ; ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਇਆ ਕਿਸਾਨਾਂ ਦੇ ਖਾਤਿਆਂ ‘ਚ 27.32 ਕਰੋੜ ਟਰਾਂਸਫ਼ਰ

ਭੁਲੱਥ,17 ਅਪ੍ਰੈਲ:(ਲਾਡੀ,ਦੀਪ ਚੋਧਰੀ,ਉਪੀ ਚੋਧਰੀ) ਡਿਪਟੀ ਕਮਿਸ਼ਨਰ ਸ੍ਰੀ ਅਕਾਸ਼ ਬਾਂਸਲ ਨੇ ਅੱਜ ਦਾਣਾ ਮੰਡੀ ਭੁਲੱਥ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਮੂਹ ਖਰੀਦ ਏਜੰਸੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਮੰਡੀਆਂ ਵਿੱਚ ਆ ਰਹੀ ਫਸਲ ਦੀ ਸਮੇਂ ਸਿਰ ਢੋਆ-ਢੁਆਈ (ਲਿਫਟਿੰਗ) ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਵੇਚੀ ਹੋਈ ਫਸਲ ਦੀ ਅਦਾਇਗੀ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ।
ਖਰੀਦ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕਣਕ ਖਰੀਦ ਦੇ ਨਿਯਮਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਗਈ ਹੈ, ਜਿਸ ਤਹਿਤ ਹੁਣ 70 ਫੀਸਦੀ ਤੱਕ ਬਦਰੰਗ ਕਣਕ ਅਤੇ 15 ਫੀਸਦੀ ਤੱਕ ਟੁੱਟੇ ਤੇ ਸੁੰਗੜੇ ਦਾਣੇ ਦੀ ਖਰੀਦ ਵੀ ਘੱਟੋ-ਘੱਟ ਸਮਰਥਨ ਮੁੱਲ ‘ ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਵੇਂ ਮਾਪਦੰਡਾਂ ਅਨੁਸਾਰ ਖਰੀਦੇ ਗਏ ਇਸ ਸਟਾਕ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਤਾਂ ਜੋ ਖਰੀਦ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ।
ਜ਼ਿਲ੍ਹੇ ਵਿੱਚ ਕਣਕ ਦੀ ਆਮਦ ਬਾਰੇ ਦੱਸਦਿਆਂ ਸ੍ਰੀ ਅਕਾਸ਼ ਬਾਂਸਲ ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ 319155 ਮੀਟਰਕ ਟਨ ਕਣਕ ਦੀ ਆਮਦ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ 42 ਪੱਕੀਆਂ ਅਤੇ ਕੁਝ ਆਰਜ਼ੀ ਮੰਡੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 42592.99  ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ, ਜਿਸ ਵਿੱਚੋਂ 40232.50  ਮੀਟਰਿਕ ਟਨ ਦੀ ਖਰੀਦ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਪਨਗਰੇਨ ਵੱਲੋਂ ਸਭ ਤੋਂ ਵੱਧ 15127.5  ਮੀਟਰਿਕ ਟਨ। ਇਸੇ ਤਰ੍ਹਾਂ ਮਾਰਕਫੈਡ ਵਲੋਂ 11973 ਮੀਟਰਕ ਟਨ, ਪਨਸਪ ਵਲੋਂ 6992 ਮੀਟਰਕ ਟਨ ਤੇ  ਪੰਜਾਬ ਸਟੇਟ ਵੇਅਰ ਹਾਊਸ ਵਲੋਂ 6140 ਮੀਟਰਕ ਟਨ ਕਣਕ ਦੀ ਖਰੀਦ ਦਰਜ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 27.32 ਕਰੋੜ ਰੁਪਏ ਦੀ ਅਦਾਇਗੀ ਮਿੱਥੇ ਸਮੇਂ ਅੰਦਰ ਕੀਤੀ ਜਾ ਚੁੱਕੀ ਹੈ।

Post a Comment

Previous Post Next Post