ਮੰਡੀਆਂ ‘ਚ ਕਣਕ ਰੁੱਲੀ, ਸਰਕਾਰ ਗਾਇਬ— ਨਵਤੇਜ ਚੀਮਾ 15 ਦਿਨ ਬਾਅਦ ਵੀ ਨਾ ਲਿਫਟਿੰਗ, ਨਾ ਭੁਗਤਾਨ—ਕਿਸਾਨ ਪਰੇਸ਼ਾਨ “ਕਿਸਾਨਾਂ ਨਾਲ ਨਾਇਂਸਾਫ਼ੀ ਬਰਦਾਸ਼ਤ ਨਹੀਂ”—ਨਵਤੇਜ ਚੀਮਾਮੀਂਹ ਨਾਲ ਨੁਕਸਾਨ, ਗਿਰਦਾਵਰੀ ਗਾਇਬ—ਪ੍ਰਸ਼ਾਸਨ ‘ਤੇ ਸਵਾਲ

ਸੁਲਤਾਨਪੁਰ ਲੋਧੀ 17 ਅਪ੍ਰੈਲ( ਲਾਡੀ ਦੀਪ ਚੌਧਰੀ ਓਪੀ ਚੌਧਰੀ )ਸੁਲਤਾਨਪੁਰ ਲੋਧੀ ਤੋਂ ਖੇਤੀਬਾੜੀ ਨਾਲ ਜੁੜੀ ਇੱਕ ਗੰਭੀਰ ਅਤੇ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਾਣਾ ਮੰਡੀ ਦਾ ਦੌਰਾ ਕਰਦੇ ਹੋਏ ਮੰਡੀਆਂ ਦੇ ਮਾੜੇ ਹਾਲਾਤਾਂ ਨੂੰ ਬੇਨਕਾਬ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਦੌਰਾਨ ਚੀਮਾ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਬੋਰੀਆਂ ਵਿੱਚ ਪਈ ਰੁਲ ਰਹੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦੇ ਵੱਡੇ ਦਾਅਵੇ ਕੀਤੇ ਗਏ ਸਨ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਸਿਰਫ਼ ਫਸਲ ਦੀ ਸੰਭਾਲ ਨਹੀਂ ਹੋ ਰਹੀ, ਸਗੋਂ ਕਿਸਾਨਾਂ ਨੂੰ ਅਦਾਇਗੀ ਵੀ ਨਹੀਂ ਮਿਲ ਰਹੀ, ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਪਏ ਭਾਰੀ ਮੀਂਹ ਅਤੇ ਗੜਿਆਂ ਕਾਰਨ ਕਈ ਕਿਸਾਨਾਂ ਦੀ ਫਸਲ ਨੁਕਸਾਨੀ ਹੋਈ ਹੈ, ਪਰ ਅਜੇ ਤੱਕ ਨਾ ਗਿਰਦਾਵਰੀ ਹੋਈ ਹੈ ਅਤੇ ਨਾ ਹੀਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚਿਆ ਹੈ।
ਚੀਮਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਨਾਲ ਇਹ ਸਿੱਧੀ ਨਾਇਂਸਾਫ਼ੀ ਹੈ ਅਤੇ ਜੇਕਰ ਤੁਰੰਤ ਮੰਡੀਆਂ ਵਿੱਚ ਪਈ ਫਸਲ ਦੀ ਲਿਫਟਿੰਗ ਅਤੇ ਕਿਸਾਨਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
ਅਖੀਰ ਵਿੱਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਢੁੱਕਵਾਂ ਹੱਲ ਨਾ ਕੀਤਾ ਤਾਂ ਕਿਸਾਨ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।

Post a Comment

Previous Post Next Post