ਇਰਾਨ ਦੇ ਲੀਡਰ ਖਾਮਨੇਈ ਤੇ ਸੈਂਕੜੇ ਲੋਕਾਂ ਦੇ ਕਤਲੇਆਮ ਤੇ ਭਾਰਤ ਸਰਕਾਰ ਦੀ ਚੁੱਪੀ ਕਾਰਨ ਰੋਸ ਪ੍ਰਦਰਸ਼ਨ -

-ਸੁਲਤਾਨਪੁਰ ਲੋਧੀ 12 ਮਾਰਚ (ਲਾਡੀ,ਦੀਪ ਚੋਧਰੀ,ਉ ਪੀ  ਚੋਧਰੀ ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਤਲਵੰਡੀ ਪੁਲ ਚੋਂਕ ਤੇ ਅਮਰੀਕਾ - ਇਜ਼ਰਾਈਲ ਵੱਲੋਂ ਇਰਾਨ ਤੇ ਕੀਤੇ ਗਏ ਹਮਲੇ ਦੇ ਵਿਰੋਧ ਚਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਗਿਆ ਅਤੇ ਅਮਰੀਕਾ-ਇਜ਼ਰਾਇਲ ਵਲੋਂ ਸਾਂਝੇ ਤੌਰ ’ਤੇ ਇਰਾਨ ਉੱਪਰ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਇਸ ਮੌਕੇ  ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਇਹ ਸਾਂਝਾ ਹਮਲਾ ਇਰਾਨ ਤੋਂ ਸੰਭਾਵਤ ਖਤਰੇ ਨੂੰ ਬਹਾਨਾ ਬਣਾ ਕੇ ਕੀਤਾ ਗਿਆ ਹੈ। ਅਮਰੀਕਾ ਵਲੋਂ ਇਸ ਹਮਲੇ ’ਚ ਇਰਾਨ ਦਾ ਸੁਪਰੀਮ ਲੀਡਰ ਆਇਤ ਉਲ ਅਲੀ ਖੁਮੀਨੀ, ਰੱਖਿਆ ਮੰਤਰੀ, ਰੈਵੋਲੂਸ਼ਨਰੀ ਗਾਰਡ, ਕਮਾਂਡਰ ਅਤੇ ਸੈਂਕੜੇ ਲੋਕ ਮਾਰੇ ਗਏ ਹਨ ਅਤੇ ਇਰਾਨ ਵਿੱਚ ਰਾਜ ਪਲਟਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਇਹ ਸਾਰੀ ਗੁੰਡਾਗਰਦੀ ਇਰਾਨ ਦੇ ਤੇਲ ਭੰਡਾਰਾਂ ਅਤੇ ਰੂਟਾਂ ਉੱਪਰ ਕਬਜਾ ਕਰਨ ਲਈ ਕਰ ਰਿਹਾ ਹੈ। ਅਮਰੀਕਾ ਸੰਸਾਰ ਚੌਧਰ ਮੁੜ ਸਥਾਪਿਤ ਕਰਨ ਲਈ ਵੱਖਰੇ-ਵੱਖਰੇ ਦੇਸ਼ਾਂ ਨੂੰ ਡਰਾਉਣ ਧਮਕਾਉਣ, ਰਾਜ ਪਲਟੇ ਕਰਵਾਉਣ ਅਤੇ ਲੋਕਾਂ ਵੱਲੋਂ ਚੁਣੇ ਗਏ ਮੁਖੀਆਂ ਨੂੰ ਮਾਰਨ ਜਾਂ ਗਿ੍ਰਫਤਾਰ ਕਰਨ ਦੀ ਮੁਹਿੰਮ ਵਿੱਚ ਜੁਟਿਆ ਹੋਇਆ ਹੈ। ਪਿਛਲੇ ਸਮੇਂ ਵਿੱਚ ਟਰੰਪ ਵੱਲੋਂ ਵੈਨੇਜ਼ੁਵੇਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਪਤਨੀ ਸਮੇਤ ਹੱਥਕੜੀਆਂ ਵਿੱਚ ਜਕਰ ਕੇ ਅਮਰੀਕਾ ਲਿਜਾਇਆ ਗਿਆ ਅਤੇ ਆਪਣੇ ਆਪ ਨੂੰ ਵੈਨਜ਼ੁਵੇਲਾ ਦਾ ਕਾਰਜਕਾਰੀ ਰਾਸ਼ਟਰਪਤੀ ਹੋਣ ਦਾ ਐਲਾਨ ਕਰਕੇ ਉਥੋਂ ਦੇ ਤੇਲ ਭੰਡਾਰ ਵੇਚਣ ਦਾ ਅਧਿਕਾਰ ਆਪਣੇ ਹੱਥ ਵਿੱਚ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਰਾਕ ਵਿੱਚ ਜਨਤਕ ਤਬਾਹੀ ਦੇ ਹਥਿਆਰ ਜਮ੍ਹਾਂ ਕਰਨ ਦਾ ਇਲਜ਼ਾਮ ਲਾ ਕੇ ਇਰਾਕ ਉੱਪਰ ਹਮਲਾ ਕੀਤਾ ਗਿਆ ਅਤੇ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਫਾਂਸੀ ਲਾਇਆ ਗਿਆ। ਲਿਬੀਆ ਵਿੱਚ ਰਾਜ ਪਲਟਾ ਕਰਵਾ ਕੇ ਕਰਨਲ ਗੱਦਾਫੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅਮਰੀਕਾ, ਇਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਕਰ ਰਿਹਾ ਸੀ ਅਤੇ ਦੂਜੇ ਪਾਸੇ ਬਿਨਾਂ ਭੜਕਾਹਟ ਤੋਂ ਇਰਾਨ ਉੱਪਰ ਹਮਲਾ ਕਰਕੇ ਸੰਸਾਰ ਅਮਨ ਲਈ ਖਤਰਾ ਪੈਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੋਸ਼ ਮੜ੍ਹ ਰਿਹਾ ਕਿ ਇਰਾਨ ਅਜਿਹੀਆਂ ਮਿਜ਼ਾਇਲ ਪ੍ਰਣਾਲੀਆਂ ਅਤੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਸੀ, ਜਿਨ੍ਹਾਂ ਦੀ ਪਹੁੰਚ ਅਮਰੀਕਾ ਤੱਕ ਹੋ ਸਕਦੀ ਸੀ। ਇਸਨੂੰ ਖਤਰਾ ਦਰਸਾ ਕੇ ਇਹ ਹਮਲਾ ਕੀਤਾ ਗਿਆ ਹੈ। ਅਸਲ ਵਿੱਚ ਪੱਛਮੀ ਏਸ਼ੀਆ ਵਿੱਚ ਆਪਣੀ ਚੌਧਰ ਸਥਾਪਤ ਕਰਨ ਅਤੇ ਆਪਣੇ ਸਾਮਰਾਜੀ ਪ੍ਰਬੰਧ ਦੇ ਸੰਕਟ ਨੂੰ ਹੱਲ ਕਰਨ ਲਈ ਅਜਿਹੇ ਹਮਲੇ ਆਪਣੇ ਪੱਖੀ ਸਰਕਾਰਾਂ ਬਣਾਉਣ ਖ਼ਾਤਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਵਾਬੀ ਹਮਲਿਆਂ ਵਿੱਚ ਇਰਾਨ ਨੇ ਵੀ ਵੱਖਰੇ-ਵੱਖਰੇ ਅਰਬ ਦੇਸ਼ਾਂ ਵਿੱਚ ਅਮਰੀਕਾ ਦੇ ਫੌਜੀ ਅੱਡਿਆਂ ਉੱਪਰ ਹਮਲੇ ਕੀਤੇ ਹਨ। ਇਹਨਾਂ ਦੇਸ਼ਾਂ ਵਿੱਚ ਕੰਮ ਕਰਨ ਲਈ ਗਏ ਭਾਰਤੀਆਂ ਲਈ ਵੀ ਗੰਭੀਰ ਖਤਰਾ ਬਣ ਗਿਆ ਹੈ ਅਤੇ ਉਹ ਭਾਰਤ ਵਾਪਸੀ ਲਈ ਹਵਾਈ ਅੱਡਿਆਂ ਉੱਪਰ ਫਸੇ ਹੋਏ ਹਨ।
ਪਾਰਟੀ ਨੇ ਲੋਕਾਂ ਨੂੰ ਅਮਰੀਕਾ ਦੇ ਚੌਧਰ ਸਥਾਪਤੀ ਲਈ ਕੀਤੇ ਇਹਨਾਂ ਹਮਲਿਆਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਭਾਰਤ ਸਰਕਾਰ ਤੋਂ ਅਰਬ ਦੇਸ਼ਾਂ ਵਿੱਚ ਫ਼ਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਬੁਲਾਉਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਪਲਵਿੰਦਰ ਸਿੰਘ ਕਮਾਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੂੱਚਾ ਸਿੰਘ ਸੱਦੂਵਾਲ, ਜਸਪਾਲ ਸਿੰਘ, ਬਲਵੀਰ ਸਿੰਘ ਅਟਵਾਲ, ਕੁਲਵੰਤ ਕੌਰ, ਬਿੰਦਰ ਕੌਰ ਆਦਿ ਹਾਜ਼ਰ ਸਨ।

Post a Comment

Previous Post Next Post