ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ : ਸੰਤ ਸੀਚੇਵਾਲ*

ਸੁਲਤਾਨਪੁਰ ਲੋਧੀ, 22 ਸਤੰਬਰ,ਲਾਡੀ,ਦੀਪ ਚੋਧਰੀ,ਉ.ਪੀ ਚੋਧਰੀ
ਪੰਜਾਬ ਦੇ ਲੋਕਾਂ ਨੇ ਹੜ੍ਹਾਂ ਨਾਲ ਹੋਈ ਤਬਾਹੀ ਦੀ ਚਣੌਤੀ ਨੂੰ ਸਵੀਕਾਰ ਕਰਦਿਆ ਇਸ ਨਾਲ ਮੱਥਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਬਾਊਪੁਰ ਮੰਡ ਇਲਾਕੇ ਵਿੱਚ ਸਭ ਤੋਂ ਪਹਿਲਾਂ ਹੜ੍ਹ ਦੇ ਹਲਾਤ ਬਣੇ ਸਨ। ਲੰਘੀ 10 ਅਗਸਤ ਦੀ ਰਾਤ ਨੂੰ ਬਾਊਪੁਰ-ਰਾਮਪੁਰ ਗੋਰਾ ਦਾ ਪਹਿਲਾ ਬੰਨ੍ਹ ਟੁੱਟ ਗਿਆ ਸੀ, ਉਸ ਨੂੰ ਲੰਘੇ ਦਿਨ ਮੁਕੰਮਲ ਕਰ ਲਿਆ ਸੀ।
ਹੇਠ ਅੱਜ 25 ਤੋਂ ਵੱਧ ਟ੍ਰੈਕਟਰਾਂ ਨੇ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤਾ ਅਤੇ ਗਾਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਜ ਦੀ ਅਗਵਾਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪ ਟਰੈਕਟਰ ਚਲਾ ਕੇ ਕੀਤਾ। ਉਨ੍ਹਾਂ ਘੰਟਿਆਂ ਵਧੀ ਟਰੈਕਟਰ ਚਲਾ ਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਗਾਰ ਅਤੇ ਰੇਤਾ ਕੱਢਣ ਦੀ ਰਸਮੀ ਸ਼ੁਰੂਆਤ ਕੀਤੀ। ਬਾਊਪੁਰ ਮੰਡ ਇਲਾਕੇ ਵਿੱਚ ਬਹੁਤੇ ਕਿਸਾਨ ਛੋਟੇ ‘ਤੇ ਦਰਮਿਆਨੇ ਹਨ। ਇੰਨ੍ਹਾਂ ਕਿਸਾਨਾਂ ਕੋਲ ਜ਼ਿਆਦਾਤਰ ਦੋ ਤੋਂ ਪੰਜ ਏਕੜ ਤੱਕ ਜ਼ਮੀਨ ਹੈ। ਕਈ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈਕੇ ਫਸਲ ਬੀਜੀ ਹੋਈ ਸੀ ਜਿਹੜੀ ਇਸ ਹੜ੍ਹ ਨਾਲ ਤਬਾਹ ਹੋ ਗਈ।
ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਨਾਲ ਜਿੱਥੇ ਵੱਡੀ ਪੱਧਰ ‘ਤੇ ਫਸਲਾਂ ਤਬਾਹ ਹੋ ਗਈਆਂ ਸਨ, ਉਥੇ ਖੇਤਾਂ ਵਿੱਚ ਵੱਡੀ ਪੱਧਰ ‘ਤੇ ਰੇਤਾ ਤੇ ਗਾਰ ਚੜ੍ਹ ਗਈ ਸੀ। ਇੰਨ੍ਹਾਂ ਖੇਤਾਂ ਨੂੰ ਮੁੜ ਵਾਹੀਯੋਗ ਬਣਾਉਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਦੂਰ-ਦੁਰਾਡੇ ਤੋਂ ਆਏ ਹੋਏ ਹਨ। ਇਹ ਨੌਜਵਾਨ ਵੱਖ-ਵੱਖ ਥਾਵਾਂ ਤੋਂ ਆ ਕੇ ਪੀੜਤ ਕਿਸਾਨਾਂ ਦੀ ਮੱਦਦ ਕਰ ਰਹੇ ਹਨ। ਇੰਨ੍ਹਾਂ ਵਿੱਚ 10 ਟ੍ਰੈਕਟਰ ਤਾਂ ਪਟਿਆਲਾ ਜਿਲ੍ਹੇ ਦੀ ਤਹਿਸੀਲ ਨਾਭਾ ਦੇ ਨੇੜਲੇ ਪਿੰਡ ਰਾਮਗੜ੍ਹ ਤੋਂ ਆਏ ਹੋਏ ਹਨ। ਇੰਨ੍ਹਾਂ ਨੌਜਵਾਨਾਂ ਨੂੰ ਅੱਜ ਤੀਜਾ ਦਿਨ ਹੈ। ਇਸੇ ਤਰ੍ਹਾਂ ਚਾਰ ਟ੍ਰੈਕਟਰ ਰਹੀਮਪੁਰ ਜਲੰਧਰ ਤੋਂ ਅਤੇ ਚਾਰ ਟ੍ਰੈਕਟਰ ਜਸਵੀਰ ਸਿੰਘ ਨਾਂਅ ਦਾ ਨੌਜਵਾਨ ਲੈਕੇ ਆਇਆ ਹੋਇਆ ਹੈ। ਬਾਕੀ ਟਰੈਕਟਰ ਆਲੇ-ਦੁਆਲੇ ਪਿੰਡਾਂ ਦੇ ਹਨ। ਅੱਜ ਖੇਤਾਂ ਵਿੱਚੋਂ ਗਾਰ ਅਤੇ ਰੇਤਾ ਕੱਢਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ। ਖੇਤਾਂ ਵਿੱਚੋਂ ਕੱਢੀ ਜਾ ਰਹੀ ਰੇਤਾ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਾਊਪੁਰ ਦੇ ਆਲੇ ਦੁਆਲੇ ਇਹ ਆਰਜ਼ੀ ਬੰਨ੍ਹ ਦੀ ਲੰਬਾਈ 32 ਕਿਲੋਮੀਟਰ ਦੇ ਕਰੀਬ ਹੈ। ਇਹ ਬੰਨ੍ਹ ਹੜ੍ਹਾਂ ਦੌਰਾਨ 8 ਥਾਵਾਂ ਤੋਂ ਟੱੁਟ ਗਿਆ ਸੀ। ਹੜ੍ਹ ਆਉਣ ਨਾਲ ਮੰਡ ਇਲਾਕੇ ਦੇ 17 ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਪਾੜ 20 ਸਤੰਬਰ ਦੀ ਰਾਤ ਨੂੰ ਪੂਰ ਲਿਆ ਗਿਆ ਸੀ। ਬਾਕੀ ਰਹਿੰਦੇ 7 ਪਾੜ ਵੀ ਪੂਰਨ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
ਸੰਤ ਸੀਚੇਵਾਲ ਨੇ ਇਸ ਬੰਨ੍ਹ ਨੂੰ ਮੁਕੰਮਲ ਕਰਨ ਵਿੱਚ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਦੂਰ ਦਰਾਂਡੇ ਤੋਂ ਆ ਕੇ ਵੀ ਪੀੜਤ ਕਿਸਾਨਾਂ ਦੀ ਬਾਂਹ ਫੜ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਹੈ।
Previous Post Next Post