ਡੀ,ਸੀ ਵੱਲੋਂ ਪਰਾਲੀ ਨਾ ਸਾੜਨ ਹਿੱਤ ਜਾਗਰੂਕਤਾ ਵੈਨਾਂ ਹਰੀ ਝੰਡੀ ਦਿਖਾ ਕੇ ਰਵਾਨਾ

ਕਪੂਰਥਲਾ 24 ਸਤੰਬਰ (ਲਾਡੀ,ਦੀਪ ਚੋਧਰੀ,ਉ.ਪੀ.ਚੋਧਰੀ )     ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਅੰਦਰ ਪਰਾਲੀ ਨਾ ਸਾੜਨ ਹਿੱਤ ਜਾਗਰੂਕਤਾ ਵੈਨਾਂ ਨੂੰ ਸਥਾਨਕ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।  ਇਸ ਮੌਕੇ ਸ੍ਰੀ ਪੰਚਾਲ  ਨੇ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏ ਕਾਰਨ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਇਹ ਧੂੰਆ ਕਈ ਵਾਰ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਖੇਤ ਵਿੱਚ ਖੜ੍ਹੇ ਦਰੱਖਤ ਅਤੇ ਖੇਤ ਨਾਲ ਖੜ੍ਹੀ ਫ਼ਸਲ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨ ਹੋ ਸਕਦਾ ਹੈ। ਅੱਗ ਲੱਗਣ ਨਾਲ ਜ਼ਮੀਨ ਦੀ ਉਪਰਲੀ ਸਤਹਿ ਨੂੰ ਬਹੁਤ ਜ਼ਿਆਦਾ ਸੇਕ ਲੱਗਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਪਾਣੀ ਜ਼ਜਬ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ, ਇਸ ਨਾਲ ਜ਼ਿਆਦਾ ਬਾਰਿਸ਼ਾਂ ਦੀ ਹਾਲਤ ਵਿੱਚ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ।
ਅੱਗ ਨਾ ਲਗਾਉਣ ਕਾਰਨ ਹੋਣ ਵਾਲੇ ਫਾਇਦਿਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਵਿੱਚ ਮੌਜੂਦਾ ਮਿੱਤਰ ਕੀੜੇ ਸੁਰੱਖਿਅਤ ਰਹਿੰਦੇ ਹਨ। ਲਗਾਤਾਰ 3-4 ਸਾਲ ਅੱਗ ਨਾ ਲਗਾਉਣ ਨਾਲ ਖਾਦਾਂ ਦੀ ਵਰਤੋਂ ਕਾਫੀ ਹੱਦ ਤੱਕ ਘੱਟ ਜਾਂਦੀ ਹੈ ਅਤੇ ਖੇਤ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਹੱਲ ਹੋਣ ਨਾਲ ਝਾੜ ਵਿੱਚ ਵਾਧਾ ਹੋ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਉਸ ਨੂੰ ਜਮੀਨ ਵਿੱਚ ਹੀ ਮਿਲਾਉਣ ਨੂੰ ਤਰਜ਼ੀਹ ਦੇਣ। ਇਸ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਣੇ ਰਹੇਗੀ ਉਥੇ ਹੀ ਫਸਲ ਦੇ ਝਾੜ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਸਟਰਾਅ ਰੇਕ, ਬੇਲਰ, ਸੁਪਰ ਐਸ.ਐਮ.ਐਸ, ਮਲਚਰ, ਪੈਡੀ ਸਟਰਾਅ ਚੌਂਪਰ, ਉਲਟਾਵੇ ਹਲ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਅਤੇ ਸਰਫੇਸ ਸੀਡਰ ਆਦਿ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਨਾਲ ਲਈਆਂ ਜਾ ਸਕਦੀਆਂ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਖੇਤੀਬਾੜੀ ਅਫਸਰ ਡਾ ਐਚ ਐਸ ਭਰੋਤ , ਡਾ ਜਸਪਾਲ ਸਿੰਘ, ਪਰਮਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।   
Previous Post Next Post