ਬਜਟ ਵਿਚ 778 ਕਰੋੜ ਰੁਪੈ ਰੱਖੇ - 65 ਲੱਖ ਪਰਿਵਾਰਾਂ  ਨੂੰ ਮਿਲਣਗੇ “ ਸਿਹਤ ਕਾਰਡ “ਵਿੱਤੀ ਤੰਗੀ ਕਾਰਨ ਕੋਈ ਵੀ ਇਲਾਜ ਤੋਂ ਨਹੀਂ ਰਹੇਗਾ ਵਾਂਝਾ-10 ਲੱਖ ਰੁਪੈ ਤੱਕ ਦਾ ਹੋਵੇਗਾ ਕੈਸ਼ਲੈਸ ਇਲਾਜ

ਫਗਵਾੜਾ, 27 ਅਪ੍ਰੈਲ (ਲਾਡੀ ਦੀਪ ਚੌਧਰੀ,ੳ.ਪੀ ਚੌਧਰੀ)   
ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵਿਚ ਹੈਲਥ ਕੇਅਰ ਖੇਤਰ ਵਿਚ ਅਰਥ ਵਿਵਸਥਾ ਨੂੰ ਹੋਰ ਗਤੀ ਪ੍ਰਦਾਨ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾ ਰਿਹਾ ਹੈ।  
 ‘ਜੈ ਮਿਲਾਪ’ ਸੰਸਥਾ ਵਲੋਂ ਸਥਾਨਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਬਿਮਾਰੀਆਂ ਸਬੰਧੀ ਕਰਵਾਈ ਗਈ ਵਰਕਸ਼ਾਪ’ ਦੌਰਾਨ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ  ਤੇ ਸਿੱਖਿਆ ਸੇਵਾਵਾਂ ਜੋ  ਹਰ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ,  ਵਿਚ ਸਰਕਾਰੀ ਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਨੂੰ ‘ਮੈਡੀਕਲ ਹੱਬ’  ਵਜੋਂ ਵਿਕਸਤ ਕਰਨ ਲਈ ਮੈਡੀਕਲ ਕਾਲਜਾਂ ਦੀ ਸਥਾਪਨਾ ਦੇ ਨਾਲ-ਨਾਲ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪੈ ਤੱਕ ਦੇ ਇਲਾਜ ਦਾ  ਮੈਡੀਕਲ ਕਵਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ‘ਸਿਹਤ ਕਾਰਡ ’ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ 10 ਲੱਖ ਰੁਪੈ ਤੱਕ ਦਾ ਕੈਸ਼ਲੈਸ ਇਲਾਜ ਕਰਵਾ ਸਕਣਗੇ।
ਸ੍ਰੀ ਅਰੋੜਾ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਯੋਜਨਾ ਲਈ  778 ਕਰੋੜ ਰੁਪੈ ਰੱਖੇ ਗਏ ਹਨ ਤਾਂ ਜੋ ਵਿੱਤੀ ਤੰਗੀ ਕਾਰਨ ਕੋਈ ਵੀ ਨਾਗਰਿਕ ਇਲਾਜ ਤੋਂ ਵਾਂਝਾ ਨਾ ਰਹੇ।  
ਇਸ ਮੌਕੇ ਰਾਜ ਸਭਾ ਮੈਂਬਰ ਸ਼੍ਰੀ ਅਸ਼ੋਕ ਮਿੱਤਲ ਨੇ ਵੀ ਵਿਚਾਰ ਰੱਖੇ ਤੇ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਨੂੰ ਲਾਮਿਸਾਲ ਦੱਸਿਆ । ਇਸ ਤੋਂ ਯੂਨੀਵਰਸਿਟੀ ਦੇ ਪ੍ਰੋ ਵਾਇਸ ਚਾਂਸਲਰ ਡਾ ਸੰਜੇ ਮੋਦੀ, ਸੰਸਥਾ ਦੇ ਪ੍ਰਧਾਨ ਜਗਦੀਪ ਭਾਰਦਵਾਜ, ਕੌਮੀ ਜਨਰਲ ਸਕੱਤਰ ਰਾਜਨ ਬੈਕਟਰ ਨੇ ਵੀ ਸੰਬੋਧਨ ਕੀਤਾ। 
Previous Post Next Post