ਇਰਾਕੀ ਕੰਪਨੀ ਵੱਲੋਂ ਰੱਖਿਆ ਗਿਆ ਸੀ ਬੰਦੀ ਬਣਾ ਕੇ ; ਹੱਡਭੰਨਵੀ ਮੇਹਨਤ ਦੇ ਬਾਵਜੂਦ ਵੀ ਨਹੀ ਸੀ ਮਿਲਦੀ ਖਾਣ ਨੂੰ ਰੋਟੀ**ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਦਖ਼ਲ ਤੋਂ ਬਾਅਦ 14 ਦਿਨਾਂ ਵਿੱਚ ਵਾਪਸੀ ਹੋਈ ਸੰਭਵ*

ਸੁਲਤਾਨਪੁਰ ਲੋਧੀ, 31 ਮਾਰਚ (ਲਾਡੀ,ੳ.ਪੀ.ਚੌਧਰੀ)
ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਲੈ ਰਹੀਆਂ। ਆਏ ਦਿਨ ਉਹਨਾਂ ਤੇ ਦੁੱਖਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ। ਜਲੰਧਰ ਜ਼ਿਲ੍ਹੇ ਦੇ ਪੱਤਰਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਘਰ ਦੀ ਗਰੀਬੀ ਖਤਮ ਕਰਨ ਲਈ ਕਰਜ਼ਾ ਚੁੱਕ ਕਿ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਕੁਵੈਤ ਭੇਜਣ ਦੀ ਬਜਾਏ ਇਰਾਕ ਵਿੱਚ ਲਿਜਾ ਕਿ ਫਸਾ ਦਿੱਤਾ। ਜਿੱਥੇ ਉਹਨਾਂ ਨੂੰ ਇੱਕ ਕੰਪਨੀ ਵਿੱਚ ਬੰਦੀ ਬਣਾ ਲਿਆ ਤੇ ਭੁੱਖੇ ਰੱਖਿਆ ਗਿਆ। ਉਹਨਾਂ ਦੱਸਿਆ ਕਿ ਇਰਾਕ ਵਿੱਚ ਉਹਨਾਂ ਦਾ ਇੱਕ ਦਿਨ ਕੱਟਣਾ ਵੀ ਇੱਕ ਸਾਲ ਕੱਟਣ ਦੇ ਬਰਾਬਰ ਸੀ। ਵਾਪਿਸ ਪਰਤੇ ਦੋਵਾਂ ਪੰਜਾਬੀਆਂ ਨੇ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਉਹਨਾਂ ਦੀ ਬਾਂਹ ਨਾ ਫੜਦੇ ਤਾਂ ਉਹਨਾਂ ਲਈ ਉਸ ਕੰਪਨੀ ਦੇ ਜਾਲ ਵਿੱਚੋਂ ਵਾਪਿਸ ਮੁੜਨਾ ਨਾ-ਮੁਮਕਿਨ ਸੀ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਰਿਵਾਰਾਂ ਸਮੇਤ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਦੱਸਿਆ ਕਿ ਅਸੀ ਕਰਜ਼ਾ ਚੱੁਕ ਕਿ ਕੁਵੈਤ ਜਾਣ ਲਈ ਟ੍ਰਵੈਲ ਏਜੰਟਾਂ ਨੂੰ 1 ਲੱਖ 85 ਹਜ਼ਾਰ ਰੁਪੈ ਦਿੱਤੇ ਸੀ। ਜਿਸਦਾ ਵਿਆਜ਼ ਮੋੜਨਾ ਵੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਹੈ। ਉਹਨਾਂ ਕਿਹਾ ਕਿ ਇਰਾਕ ਵਿੱਚ ਹੱਡ ਭੰਨਵੀ ਮੇਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਤਨਖਾਹ ਨਹੀ ਸੀ ਦਿੱਤੀ ਜਾਂਦੀ ਤੇ ਨਾ ਹੀ ਇਲਾਜ਼ ਕਰਵਾਇਆ ਜਾਂਦਾ ਸੀ ਅਤੇ ਨਾ ਹੀ ਖਾਣ ਨੂੰ ਦੋ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ। ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਵਾਪਸੀ ਸਮੇਂ ਦੌਰਾਨ ਵੀ ਕੰਪਨੀ ਨੇ ਉਹਨਾਂ ਦੀ ਤਨਖਾਹ ਬਜਾਏ ਉਹਨਾਂ ਕੋਲੋਂ ਕਈ ਤਰ੍ਹਾਂ ਦੇ ਪੇਪਰਾਂ ਤੇ ਦਸਤਖਤ ਕਰਵਾ ਲਏ ਤਾਂ ਜੋ ਉਹ ਆਪਣਾ ਬਚਾਅ ਕਰ ਸਕਣ। ਉਹਨਾਂ ਇਹ ਵੀ ਦੱਸਿਆ ਕਿ ਉਹ ਵਾਪਸੀ ਦੀ ਆਸ ਛੱਡ ਚੁੱਕੇ ਸੀ।

ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਜਿਹਨਾਂ ਸਦਕਾ ਉਹਨਾਂ ਦੀ ਘਰ ਵਾਪਸੀ ਸੰਭਵ ਹੋ ਪਾਈ। ਗੁਰਪ੍ਰੀਤ ਤੇ ਸੋਡੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਾਸ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਹਨਾਂ ਦੇ ਮੈਂਬਰ ਵਾਪਿਸ ਆ ਗਏ। ਉਹਨਾਂ ਇਸ ਗੱਲ ਦਾ ਵੀ ਉਚੇਚਾ ਖੁਲਾਸਾ ਕੀਤਾ ਕਿ ਗਰੀਬੀ ਤੇ ਬਹੁਤੀ ਪਹੁੰਚ ਨਾ ਹੋਣ ਕਾਰਣ ਉਹਨਾਂ ਦੀ ਕਿਧਰੇ ਵੀ ਕੋਈ ਗੱਲ ਨਹੀ ਸੀ ਸੁਣ ਰਿਹਾ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਇਹ ਭਾਰਤੀ ਮਹਿਜ਼ 14 ਦਿਨਾਂ ਵਿੱਚ ਵਾਪਿਸ ਪਰਤ ਆਏ ਹਨ। ਉਹਨਾਂ ਦੱਸਿਆ ਕਿ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਵੱਲੋਂ ਲਗਾਤਰ ਚੁਣੌਤੀਪੂਰਵਕ ਸਥਿਤੀਆਂ ਵਿੱਚੋਂ ਭਾਰਤੀਆਂ ਨੂੰ ਕੱਢ ਕਿ ਭਾਰਤ ਵਾਪਿਸ ਭੇਜਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਖਾਸਕਰ ਗਰੀਬ ਤੁਬਕੇ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ ਵਿੱਚ ਜਾਣ ਤੋਂ ਪਹਿਲਾਂ ਕਿਸੇ ਸੂਝਵਾਨ ਦੀ ਜ਼ਰੂਰ ਸਹਾਇਤਾ ਲੈਣ। ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਹਿਦਾਇਤਾਂ ਕੀਤੀਆਂ ਹਨ ਕਿ ਅਜਿਹੇ ਠੱਗ ਤੇ ਫਰਜ਼ੀ ਟਰੈਵਲ ਏਜੰਟ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Post a Comment

Previous Post Next Post